ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ, ਮੁੱਖ ਮੰਤਰੀ ਚੰਨੀ ਕਾਂਗਰਸ ਵੱਲੋਂ ਕੀਤੇ ਗਏ ਕਿਸਾਨਾਂ ਦੀ ਪੂਰਨ ਕਰਜ਼ਾ ਮੁਆਫ਼ੀ ਦੇ ਵਾਅਦੇ ਤੋਂ ਮੁੱਕਰ ਗਏ
SUKHBIR SINGH BADAL ALLEGATIONS

ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ, ਮੁੱਖ ਮੰਤਰੀ ਚੰਨੀ ਕਾਂਗਰਸ ਵੱਲੋਂ ਕੀਤੇ ਗਏ ਕਿਸਾਨਾਂ ਦੀ ਪੂਰਨ ਕਰਜ਼ਾ ਮੁਆਫ਼ੀ ਦੇ ਵਾਅਦੇ ਤੋਂ ਮੁੱਕਰ ਗਏ

ਚੰਡੀਗੜ੍ਹ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਦੀ ਮੁਕੰਮਲ ਮੁਆਫ਼ੀ ਲਈ ਤਜਵੀਜ਼ ਰੱਖੀ ਹੈ। ਚੰਨੀ ਨੇ ਪੇਸ਼ਕਸ਼ ਕੀਤੀ ਹੈ ਕਿ ਪੰਜਾਬ ਸਰਕਾਰ ਮੁਕੰਮਲ ਕਰਜ਼ਾ ਮੁਆਫ਼ੀ ਲਈ ‘ਕੇਂਦਰ-ਰਾਜ ਹਿੱਸੇਦਾਰੀ’ ਤਹਿਤ ਆਪਣਾ ਹਿੱਸਾ ਪਾਉਣ ਲਈ ਤਿਆਰ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ ਇਸ ਪਾਸੇ ਕਦਮ ਉਠਾਏ। ਇਸ ਮੁੱਦੇ ਉਤੇ ਵਿਰੋਧੀ ਧਿਰਾਂ ਨੇ ਚੰਨੀ ਸਰਕਾਰ ਨੂੰ ਘੇਰ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਵੱਲੋਂ ਕੀਤੇ ਗਏ ਕਿਸਾਨਾਂ ਦੀ ਪੂਰਨ ਕਰਜ਼ਾ ਮੁਆਫ਼ੀ ਦੇ ਵਾਅਦੇ ਤੋਂ ਮੁੱਕਰ ਗਏ ਹਨ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਨ ਲਿਆ ਹੈ ਕਿ ਕਾਂਗਰਸ ਸਰਕਾਰ ਦਾ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕਿਸਾਨਾਂ ਦੇ 90 ਹਜ਼ਾਰ ਕਰੋੜ ਰੁਪਏ ਦੇ ਪੂਰਨ ਕਰਜ਼ਾ ਮੁਆਫ਼ੀ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਚੰਨੀ ’ਤੇ ਆਪਣੀ ਜ਼ਿੰਮੇਵਾਰੀ ਕੇਂਦਰ ਸਰਕਾਰ ’ਤੇ ਸੁੱਟਣ ਦਾ ਦੋਸ਼ ਲਾਇਆ। ਬਾਦਲ ਪ੍ਰਧਾਨ ਨੇ ਕਿਹਾ ਕਿ 2017 ਦੀਆਂ ਚੋਣਾਂ ਵੇਲੇ ਤਤਕਾਲੀ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਪੂਰਨ ਕਰਜ਼ ਮੁਆਫੀ ਦੇ ਝਾਂਸੇ ਵਿਚ ਫਸਾਇਆ ਸੀ। ਉਧਰ, ਭਾਜਪਾ ਨੇ ਕਿਹਾ ਹੈ ਕਿ ਇਹ ਪੱਤਰ ਪੜ੍ਹ ਕੇ ਬਹੁਤ ਹੈਰਾਨੀ ਹੋਈ ਕਿ ਕਿੰਨੇ ਸੌਖੇ ਢੰਗ ਨਾਲ ਤੁਸੀਂ ਆਪਣੀ ਜਿੰਮੇਦਾਰੀ ਤੋਂ ਮੂੰਹ ਮੋੜਿਆ ਹੈ। ਇਹ ਪੱਤਰ ਲਿੱਖਣ ਤੋਂ ਪਹਿਲਾਂ ਤਹਾਨੂੰ ਇਹ ਖਿਆਲ ਨਹੀ ਆਇਆ ਕਿ 2017 ਦੀਆਂ ਚੋਣਾਂ ਤੋਂ ਪਹਿਲਾ ਤੁਹਾਡੀ ਪਾਰਟੀ ਨੇ ਪੰਜਾਬ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਪੂਰਾ ਕਰਜਾ ਮਾਫ ਕਰਾਂਗੇ। ਤੁਸੀਂ ਭੁੱਲ ਗਏ ਕਿ ਤੁਹਾਡੇ ਨੇਤਾਵਾਂ ਵਲੋਂ ਕਰਜਾ ਮਾਫੀ ਦੇ ਫਾਰਮ ਪਿੰਡ ਪਿੰਡ ਜਾ ਕੇ ਭਰਵਾਏ ਗਏ ਸੀ। ਅੱਜ ਜਦੋਂ ਸਰਕਾਰ ਦੇ ਪੰਜ ਵਰ੍ਹੇ ਪੂਰੇ ਹੋਣ ਵਾਲੇ ਹਨ ਅਤੇ ਕਿਸਾਨ ਬੜ੍ਹੀ ਬੇਸਬਰੀ ਨਾਲ ਕਰਜਾ ਮਾਫੀ ਦੀ ਉਡੀਕ ਕਰ ਰਹੇ ਹਨ, ਤੁਹਾਡੀ ਇਸ ਚਿੱਠੀ ਨੇ ਉਹਨਾਂ ਦੀ ਉਮੀਦ ਤੋੜ ਦਿੱਤੀ ਹੈ। ਦੱਸ ਦਈਏ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਮਗਰੋਂ ਹੁਣ ਕਿਸਾਨ ਧਿਰਾਂ ਵੱਲੋਂ ਪੰਜਾਬ ਸਰਕਾਰ ਨੂੰ ਕਰਜ਼ ਮੁਆਫੀ ਦੇ ਮੁੱਦੇ ਉਤੇ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਦੇ ਡਰੋਂ ਮੁੱਖ ਮੰਤਰੀ ਚੰਨੀ ਭਵਿੱਖੀ ਰਣਨੀਤੀ ਘੜਨ ਲੱਗੇ ਹਨ। ਕਾਂਗਰਸ ਸਰਕਾਰ ਨੇ ਚੋਣਾਂ ਵਿਚ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ। ਚੰਨੀ ਸਰਕਾਰ ਇਸ ਮਾਮਲੇ ’ਤੇ ਹੁਣ ਗੇਂਦ ਕੇਂਦਰ ਸਰਕਾਰ ਦੇ ਪਾਲੇ ਵਿਚ ਸੁੱਟਣ ਲੱਗੀ ਹੈ।

 

SUKHBIR SINGH BADAL ALLEGATIONS