
ਬਾਈਕ ‘ਤੇ ਬੱਚਿਆਂ ਨੂੰ ਬਿਠਾਉਣ ਲਈ ਬਣੇ ਸਖ਼ਤ ਨਿਯਮ
ਨਵੀਂ ਦਿੱਲੀ
ਕੇਂਦਰ ਸਰਕਾਰ ਨੇ ਬਾਈਕ ਉਤੇ ਚਾਰ ਸਾਲ ਤੱਕ ਦੇ ਬੱਚੇ ਨੂੰ ਬਿਠਾਉਣ ਬਾਰੇ ਨਿਯਮ ਸਖਤ ਕਰ ਦਿੱਤੇ ਹਨ। ਇਹ ਫੈਸਲਾ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਲਿਆ ਗਿਆ ਹੈ। ਨਿਯਮਾਂ ਦੀ ਉਲੰਘਣਾ ਕਰਨ ‘ਤੇ ਜੁਰਮਾਨਾ ਲਗਾਇਆ ਜਾਵੇਗਾ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਨਵੇਂ ਨਿਯਮ ਜਨਵਰੀ 2023 ਤੋਂ ਲਾਗੂ ਹੋਣ ਦੀ ਸੰਭਾਵਨਾ ਹੈ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਦੋ ਪਹੀਆ ਵਾਹਨਾਂ ‘ਤੇ ਸਵਾਰ ਬੱਚਿਆਂ ਦੀ ਸੁਰੱਖਿਆ ਲਈ ਨਵੇਂ ਨਿਯਮ ਬਣਾਏ ਗਏ ਹਨ। ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਜੇਕਰ ਬੱਚਾ ਸੜਕ ਦੁਰਘਟਨਾ ਦੇ ਸਮੇਂ ਬਾਈਕ ‘ਤੇ ਸਵਾਰ ਹੋਵੇਗਾ ਤੇ ਉਹ ਉਛਲ ਕੇ ਸੜਕ ‘ਤੇ ਨਹੀਂ ਡਿੱਗੇਗਾ ਅਤੇ ਜਾਨੀ ਨੁਕਸਾਨ ਦੀ ਸੰਭਾਵਨਾ ਘੱਟ ਹੋਵੇਗੀ। ਮੰਤਰਾਲੇ ਨੇ ਹੁਣੇ ਹੀ ਨੋਟੀਫਿਕੇਸ਼ਨ ਜਾਰੀ ਕਰਕੇ ਇਤਰਾਜ਼ਾਂ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਹੈ। ਇਸ ਤੋਂ ਬਾਅਦ ਮੋਟਰ ਵਹੀਕਲ ਐਕਟ ਵਿੱਚ ਸੋਧ ਕੀਤੀ ਜਾਵੇਗੀ। ਜਿਸ ਨਾਲ ਇਹ ਕਾਨੂੰਨ ਬਣ ਜਾਵੇਗਾ।
ਇਹ ਨਿਯਮ ਹੋਣਗੇ
ਨਵੇਂ ਨਿਯਮ ਅਨੁਸਾਰ 4 ਸਾਲ ਤੱਕ ਦੇ ਬੱਚੇ ਨੂੰ ਮੋਟਰਸਾਈਕਲ ‘ਤੇ ਬਿਠਾ ਕੇ ਲਿਜਾਣ ਸਮੇਂ ਬਾਈਕ, ਸਕੂਟਰ, ਸਕੂਟੀ ਵਰਗੇ ਦੋ ਪਹੀਆ ਵਾਹਨਾਂ ਦੀ ਸਪੀਡ ਸੀਮਾ 40 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਨਹੀਂ ਹੋਣੀ ਚਾਹੀਦੀ। ਦੋਪਹੀਆ ਵਾਹਨ ਚਾਲਕ ਦੇ ਨਾਲ ਬੈਠਣ ਲਈ 9 ਮਹੀਨੇ ਤੋਂ 4 ਸਾਲ ਦੀ ਉਮਰ ਦੇ ਬੱਚੇ ਲਈ ਕਰੈਸ਼ ਹੈਲਮੇਟ ਪਾਉਣਾ ਲਾਜ਼ਮੀ ਹੈ। ਮੋਟਰਸਾਈਕਲ ਸਵਾਰ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਪਣੇ ਨਾਲ ਬਾਈਕ ਜਾਂ ਸਕੂਟਰ ‘ਤੇ ਲਿਜਾਣ ਸਣੇ ਆਪਣੇ ਨਾਲ ਬੰਨ੍ਹੀ ਰੱਖਣ ਲਈ ਸੇਫਟੀ ਹਾਰਨੈੱਸ ਦੀ ਵਰਤੋਂ ਕੀਤੀ ਜਾਵੇ।
ਇਸ ਲਈ ਨਵੇਂ ਨਿਯਮ ਦੀ ਲੋੜ ਪਈ
ਸੜਕ ਹਾਦਸਿਆਂ ‘ਚ ਹੋਈਆਂ ਕੁੱਲ ਮੌਤਾਂ ‘ਚੋਂ 37 ਫੀਸਦੀ ਭਾਵ ਲਗਭਗ 56000 ਬਾਈਕ ਸਵਾਰ ਦੀਆਂ ਹਨ। ਕਈ ਬੱਚੇ ਵੀ ਇਸ ਵਿਚ ਸ਼ਾਮਲ ਹੁੰਦੇ ਹਨ ਜੋ ਹਾਦਸੇ ਉਤੇ ਝਟਕਾ ਵੱਜਣ ਕਾਰਨ ਸੜਕ ‘ਤੇ ਡਿੱਗਦੇ ਹਨ ਤੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਮਾਮਲਿਆਂ ਵਿਚ ਬਾਈਕ ਸਵਾਰ ਤਾਂ ਬਚ ਜਾਂਦੇ ਹਨ ਪਰ ਬੱਚੇ ਲਪੇਟ ਵਿਚ ਆ ਜਾਂਦੇ ਹਨ। ਇਸ ਲਈ ਸਖ਼ਤ ਨਿਯਮ ਬਣਾਉਣ ਦੀ ਲੋੜ ਪਈ।
Strict rules for children on bikes