ਖੇਡ ਮੰਤਰੀ ਪਰਗਟ ਸਿੰਘ ਨੇ ਤਮਗਾ ਜੇਤੂ ਕੌਮਾਂਤਰੀ ਖਿਡਾਰੀਆਂ ਦੀ ਪੈਨਸ਼ਨ ਉਤੇ ਆਮਦਨ ਹੱਦ ਦੀ ਲਗਾਈ ਸ਼ਰਤ ਹਟਾਉਣ ਦਾ ਕੀਤਾ ਐਲਾਨ
Sports Minister Pargat Singh Announces Removal Of Income Limit On Pension Of Medal Winning International Athletes

ਖੇਡ ਮੰਤਰੀ ਪਰਗਟ ਸਿੰਘ ਨੇ ਤਮਗਾ ਜੇਤੂ ਕੌਮਾਂਤਰੀ ਖਿਡਾਰੀਆਂ ਦੀ ਪੈਨਸ਼ਨ ਉਤੇ ਆਮਦਨ ਹੱਦ ਦੀ ਲਗਾਈ ਸ਼ਰਤ ਹਟਾਉਣ ਦਾ ਕੀਤਾ ਐਲਾਨ

ਚੰਡੀਗੜ੍ਹ

ਸਾਬਕਾ ਓਲੰਪੀਅਨਾਂ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਪੂਰਾ ਕਰਦਿਆਂ ਪੰਜਾਬ ਦੇ ਖੇਡ ਮੰਤਰੀ ਪਰਗਟ ਸਿੰਘ ਨੇ ਸੋਮਵਾਰ ਨੂੰ ਤਮਗਾ ਜੇਤੂ ਕੌਮਾਂਤਰੀ ਖਿਡਾਰੀਆਂ ਦੀ ਪੈਨਸ਼ਨ ਉਤੇ ਆਮਦਨ ਹੱਦ ਦੀ ਲਗਾਈ ਸ਼ਰਤ ਹਟਾਉਣ ਦਾ ਐਲਾਨ ਕੀਤਾ। ਉਨ੍ਹਾਂ ਇਹ ਐਲਾਨ ਸੋਮਵਾਰ ਸੈਕਟਰ-26 ਸਥਿਤ ਮੈਗਸੀਪਾ ਵਿਖੇ ਪੁਰਾਣੇ ਖਿਡਾਰੀਆਂ ਨਾਲ ਸੱਦੀ ਇਕ ਮਿਲਣੀ ਦੌਰਾਨ ਕਹੀ। ਪਰਗਟ ਸਿੰਘ ਨੇ ਕਿਹਾ ਕਿ ਵੱਡੇ ਸਟੇਡੀਅਮ ਦੀ ਬਜਾਏ ਸਿਖਲਾਈ ਕੇਂਦਰ ਸਥਾਪਤ ਕਰਨ ਉਤੇ ਜ਼ੋਰ ਦਿੱਤਾ ਜਾਵੇਗਾ। ਸੂਬੇ ਵਿੱਚ ਖੇਡਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਖਿਡਾਰੀਆਂ ਦੀ ਹੀ ਕਮੇਟੀ ਬਣਾਈ ਜਾ ਰਹੀ ਹੈ ਜਿਸ ਵਿੱਚ 20 ਦੇ ਕਰੀਬ ਖੇਡਾਂ ਨਾਲ ਸਬੰਧਤ ਖੇਡ ਦਾ ਖਿਡਾਰੀ ਮੈਂਬਰ ਹੋਵੇਗਾ ਜੋ ਉਸ ਦੇ ਨਿੱਜੀ ਤਜ਼ਰਬੇ ਦਾ ਲਾਹਾ ਲਿਆ ਜਾਵੇ।

ਸਾਬਕਾ ਓਲੰਪੀਅਨ ਖਿਡਾਰੀਆਂ ਨੂੰ ਖੇਡ ਵਿਭਾਗ ‘ਚ ਡੈਪੂਟੇਸ਼ਨ ਉਤੇ ਆਉਣ ਦਾ ਸੱਦਾ

ਪਰਗਟ ਸਿੰਘ ਨੇ ਕਿਹਾ ਕਿ ਖੇਡਾਂ ਦੇ ਕੋਟੇ ਤਹਿਤ ਸਰਕਾਰੀ ਨੌਕਰੀ ਕਰ ਰਹੇ ਖਿਡਾਰੀਆਂ ਦੀਆਂ ਸੇਵਾਵਾਂ ਖੇਡ ਵਿਭਾਗ ਵੱਲੋਂ ਲਈਆਂ ਜਾਣਗੀਆਂ ਜਿਸ ਬਾਰੇ ਸਰਕਾਰ ਨੀਤੀ ਬਣਾ ਰਹੀ ਹੈ। ਉਨ੍ਹਾਂ ਸਾਰੀਆਂ ਖੇਡਾਂ ਦੇ ਖਿਡਾਰੀਆਂ ਨੂੰ ਸੱਦਾ ਦਿੱਤਾ ਜਿਹੜੇ ਆਪਣੀ ਇੱਛਾ ਨਾਲ ਡੈਪੂਟੇਸ਼ਨ ਉਤੇ ਖੇਡ ਵਿਭਾਗ ਨਾਲ ਜੁੜ ਕੇ ਸਬੰਧਤ ਖੇਡ ਦੀ ਵਾਗਡੋਰ ਸੰਭਾਲ ਸਕਣ। ਖੇਡ ਮੰਤਰੀ ਨੇ ਤਿੰਨ ਪੱਧਰ ਉਤੇ ਖੇਡਾਂ ਅਪਣਾਉਣ ਉਤੇ ਜ਼ੋਰ ਦਿੱਤਾ, ਜਿਸ ਵਿੱਚ ਹੇਠਲੇ ਪੱਧਰ ਉਤੇ, ਵਿਸ਼ੇਸ਼ੀਕ੍ਰਿਤ ਤੇ ਸੁਪਰ ਵਿਸ਼ੇਸ਼ਕ੍ਰਿਤ ਉਤੇ ਖਿਡਾਰੀ ਤਿਆਰ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸੂਬੇ ਦੇ 5 ਲੱਖ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਖੇਡ ਮਾਹੌਲ ਸਿਰਜਣ ਲਈ ਕਾਰਪੋਰੇਟ ਅਦਾਰਿਆਂ, ਪ੍ਰਾਈਵੇਟ ਕੰਪਨੀਆਂ ਤੇ ਪਰਵਾਸੀ ਭਾਰਤੀਆਂ ਨੂੰ ਵੀ ਨਾਲ ਜੋੜਿਆ ਜਾਵੇਗਾ। ਸਾਬਕਾ ਓਲੰਪੀਅਨ ਖਿਡਾਰੀਆਂ ਨੇ ਖੇਡ ਮੰਤਰੀ ਵੱਲੋਂ ਖੇਡ ਨੀਤੀ ਬਣਾਉਣ ਲਈ ਸਾਰੇ ਪੁਰਾਣੇ ਖਿਡਾਰੀਆਂ ਨਾਲ ਮਿਲ ਬੈਠ ਕੇ ਮਸ਼ਵਰਾ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਹਿਲੀ ਵਾਰ ਹੈ ਕਿ ਸਰਕਾਰ ਵੱਲੋਂ ਇਸ ਤਰ੍ਹਾਂ ਖਿਡਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ। ਮੀਟਿੰਗ ਦੌਰਾਨ ਵੱਖ-ਵੱਖ ਖੇਡਾਂ ਨਾਲ ਸਬੰਧਤ ਖਿਡਾਰੀਆਂ ਤੇ ਕੋਚਾਂ ਨੇ ਆਪੋ ਆਪਣੇ ਸੁਝਾਅ ਦਿੱਤੇ ਜਿਨ੍ਹਾਂ ਵਿੱਚ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ, ਕੋਚਾਂ ਦੀ ਤਾਇਨਾਤੀ, ਸਕੂਲਾਂ-ਕਾਲਜਾਂ ਦੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਦਾ ਖੇਡ ਵਿਭਾਗ ਨਾਲ ਤਾਲਮੇਲ ਕਰ ਕੇ ਖੇਡ ਸੈਂਟਰ ਚਲਾਉਣੇ, ਸਕੂਲਾਂ ਵਿੱਚ ਇਕ ਦਿਨ ਬੱਚਿਆ ਲਈ ਖੇਡਾਂ ਲਈ ਇਕ ਦਿਨ ਤੈਅ ਕਰਨਾ, ਸਰਹੱਦੀ ਖੇਤਰ ਦੇ ਖਿਡਾਰੀਆਂ ਲਈ ਸਟੇਡੀਅਮ ਬਣਾਏ ਜਾਣ, ਕੋਚਾਂ ਨੂੰ ਇਨਾਮ, ਪੁਰਾਣੇ ਖਿਡਾਰੀਆਂ ਨੂੰ ਹੀਰੋ ਵਿੱਚ ਉਭਾਰਨਾ, ਸਟੇਟ ਤੋਂ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਲਈ ਨੌਕਰੀਆਂ ਅਤੇ ਨਗਦ ਇਨਾਮ ਨਿਯਮਤ ਦੇਣੇ, ਖਿਡਾਰੀਆਂ ਦਾ ਸਿਹਤ ਬੀਮਾ, ਸਾਰੇ ਖੇਡ ਸਟੇਡੀਅਮ ਛੁੱਟੀ ਵਾਲੇ ਦਿਨ ਆਮ ਲੋਕਾਂ ਲਈ ਵੀ ਖੋਲ੍ਹੇ ਜਾਣ ਸਾਬਕਾ ਓਲੰਪੀਅਨਾਂ ਤੇ ਐਵਾਰਡੀਆਂ ਦੀ ਪੈਨਸ਼ਨ ਉਤੇ ਲੱਗੀ ਰੋਕ ਹਟਾਉਣੀ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਵੱਡੇ ਸਟੇਡੀਅਮ ਬਣਾਉਣ ਦੀ ਬਜਾਏ ਖੇਡ ਮੈਦਾਨ ਜਿਵੇਂ ਕਿ ਟਰੈਕ, ਐਸਟੋਟਰਫ, ਕੋਰਟ ਆਦਿ ਬਣਾਏ ਜਾਣ ਭਾਵੇਂ ਤਿਆਰੀ ਦੇ ਲਿਹਾਜ਼ ਨਾਲ ਸਿਕਸ-ਏ-ਸਾਈਡ ਮੈਦਾਨ ਜਾਂ ਦੋ-ਤਿੰਨ ਲੇਨ ਟਰੈਕ ਹੀ ਬਣਾਏ ਜਾਣ। ਖੇਡ ਵਿਭਾਗ ਦੇ ਡਾਇਰੈਕਟਰ ਪਰਮਿੰਦਰ ਪਾਲ ਸਿੰਘ ਸੰਧੂ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਵਿਭਾਗ ਵੱਲੋਂ ਖੇਡ ਮੰਤਰੀ ਦੀ ਅਗਵਾਈ ਵਿੱਚ ਸਾਰੇ ਸਾਬਕਾ ਓਲੰਪੀਅਨਾਂ ਦੇ ਰਾਏ ਨਾਲ ਅਜਿਹੀ ਨੀਤੀ ਬਣਾਈ ਜਾ ਰਹੀ ਹੈ ਜਿਸ ਦੇ ਲੰਬੇ ਸਮੇਂ ਵਿੱਚ ਚੰਗੇ ਨਤੀਜੇ ਸਾਹਮਣੇ ਆਉਣਗੇ। ਮੀਟਿੰਗ ਵਿੱਚ ਦਰੋਣਾਚਾਰੀਆ ਐਵਾਰਡੀ ਹਾਕੀ ਓਲੰਪੀਅਨ ਰਾਜਿੰਦਰ ਸਿੰਘ ਸੀਨੀਅਰ, ਓਲੰਪੀਅਨ ਨਿਸ਼ਾਨੇਬਾਜ਼ ਗੁਰਬੀਰ ਸਿੰਘ ਸੰਧੂ, ਅਰਜੁਨਾ ਐਵਾਰਡੀ ਮੁੱਕੇਬਾਜ਼ ਜੈਪਾਲ ਸਿੰਘ, ਅਰਜੁਨਾ ਐਵਾਰਡੀ ਬਾਸਕਟਬਾਲ ਖਿਡਾਰਨ ਸੁਮਨ ਸ਼ਰਮਾ, ਓਲੰਪੀਅਨ ਬਾਸਕਟਬਾਲ ਖਿਡਾਰੀ ਤਰਲੋਕ ਸਿੰਘ ਸੰਧੂ, ਕੌੰਮਾਂਤਰੀ ਹਾਕੀ ਖਿਡਾਰੀ ਤੇ ਓਲੰਪੀਅਨ ਕੋਚ ਸੁਖਬੀਰ ਸਿੰਘ ਗਰੇਵਾਲ ਪਦਮ ਸ੍ਰੀ ਅਥਲੀਟ ਬਹਾਦਰ ਸਿੰਘ, ਓਲੰਪੀਅਨ ਅਥਲੀਟ ਹਰਬੰਸ ਕੌਰ, ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਰਾਜਪਾਲ ਸਿੰਘ, ਅਰਜੁਨਾ ਐਵਾਰਡੀ ਓਲੰਪੀਅਨ ਨਿਸ਼ਾਨੇਬਾਜ਼ ਅਵਨੀਤ ਕੌਰ ਸਿੱਧੂ, ਨਿਸ਼ਾਨੇਬਾਜ਼ੀ ਕੋਚ ਤੇਜਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ।

 

Sports Minister Pargat Singh Announces Removal Of Income Limit On Pension Of Medal Winning International Athletes