ਪ੍ਰਦਰਸ਼ਨਕਾਰੀਆਂ ‘ਤੇ ਭੜਕੇ ਰੰਧਾਵਾ ਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ, ਇਥੋਂ ਤੱਕ ਕਹਿ ਗਏ ਕਿ ‘ਕਰ ਲਓ ਜੋ ਕੁੱਝ ਕਰਨਾ’
Randhawa and Transport Minister Raja Waring, angry at the protesters, even said, "Do whatever you have to do."

ਪ੍ਰਦਰਸ਼ਨਕਾਰੀਆਂ ‘ਤੇ ਭੜਕੇ ਰੰਧਾਵਾ ਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ, ਇਥੋਂ ਤੱਕ ਕਹਿ ਗਏ ਕਿ ‘ਕਰ ਲਓ ਜੋ ਕੁੱਝ ਕਰਨਾ’

ਚੰਡੀਗੜ੍ਹ

ਪੰਜਾਬ ਸਰਕਾਰ ਵਿਰੁੱਧ ਰੋਸ ਕਰਨਾ ਪ੍ਰਦਰਸ਼ਨਕਾਰੀਆਂ ਨੂੰ ਸ਼ੁੱਕਰਵਾਰ ਉਸ ਵੇਲੇ ਮਹਿੰਗਾ ਪੈ ਗਿਆ। ਜਦੋਂ ਉਨ੍ਹਾਂ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਦੋਵੇਂ ਵੱਡੇ ਅਹੁਦੇ ਵਾਲਿਆਂ ਆਗੂਆਂ ‘ਤੇ ਸੱਤਾ ਦਾ ਸਰੂਰ ਅਜਿਹਾ ਸੀ ਕਿ ਉਹ ਪ੍ਰਦਰਸ਼ਨਕਾਰੀਆਂ ਨੂੰ ਇਥੋਂ ਤੱਕ ਕਹਿ ਗਏ ਕਿ ‘ਕਰ ਲਓ ਜੋ ਕੁੱਝ ਕਰਨਾ। ਜਾਣਕਾਰੀ ਅਨੁਸਾਰ ਉਪ ਮੁੱਖ ਮੰਤਰੀ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਲਈ ਪੁੱਜੇ ਸਨ। ਇਥੇ ਉਨ੍ਹਾਂ ਨਾਲ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਨਾਲ ਸਨ। ਇਸ ਮੌਕੇ ਐਨਐਚਐਮ, ਡੀਸੀ ਦਫ਼ਤਰ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕੱਚੇ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਜਦੋਂ ਪ੍ਰਦਰਸ਼ਨਕਾਰੀਆਂ ਨੇ ਮੰਤਰੀ ਸਾਬ੍ਹ, ਦੀ ਗੱਡੀ ਨੂੰ ਘੇਰਨ ਦੀ ਗੁਸਤਾਖੀ ਕਰ ਲਈ ਤਾਂ ਦੋਵੇਂ ਆਗੂ ਲਾਲ-ਪੀਲੇ ਹੋ ਗਏ ਅਤੇ ਗੱਡੀ ਰੋਕ ਕੇ ਹੇਠਾਂ ਉਤਰ ਆਏ ਤੇ ਪ੍ਰਦਰਸ਼ਨਕਾਰੀਆਂ ਨਾਲ ਖਹਿਬੜ ਪਏ। ਰੰਧਾਵਾ ਤੇ ਰਾਜਾ ਵੜਿੰਗ ਦੀ ਪ੍ਰਦਰਸ਼ਨਕਾਰੀਆਂ ਨਾਲ ਤਿੱਖੀ ਬਹਿਸ ਹੋਈ ਅਤੇ ਉਪ ਮੁੱਖ ਮੰਤਰੀ ਨੇ ਕੁੱਝ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਵੀ ਚਾੜ੍ਹ ਦਿੱਤੇ। ਦੋਵੇਂ ਆਗੂਆਂ ਨੇ ਇਸ ਪ੍ਰਦਰਸ਼ਨ ਨੂੰ ਜਿਥੇ ਇੱਕ ਡਰਾਮਾ ਦੱਸਿਆ, ਉਥੇ ਪ੍ਰਦਰਸ਼ਨਕਾਰੀਆਂ ਨਾਲ ਤੂੰ-ਤੜਾਕ ਕਰਕੇ ਗੱਲਬਾਤ ਕਰਦੇ ਵਿਖਾਈ ਦਿੱਤੇ। ਰਾਜਾ ਵੜਿੰਗ ਨੂੰ ਤਾਂ ਅਜਿਹਾ ਗੁੱਸਾ ਚੜ੍ਹਿਆ ਕਿ ਉਸ ਨੇ ਇੱਕ ਪ੍ਰਦਰਸ਼ਨਕਾਰੀ ਨੂੰ ਸਿੱਧਾ ਕਹਿ ਦਿੱਤਾ ਕੀ ਤੂੰ ਕੀ ਕਰ ਲਵੇਂਗਾ। ਟਰਾਂਸਪੋਰਟ ਮੰਤਰੀ ਵੱਲੋਂ ਪ੍ਰਦਰਸ਼ਨਕਾਰੀਆ ਨਾਲ ਅਜਿਹੇ ਸਲੂਕ ਪਿੱਛੋਂ ਉਪ ਮੁੱਖ ਮੰਤਰੀ ਵੀ ਪਿਛੇ ਨਹੀਂ ਰਹੇ ਅਤੇ ਉਨ੍ਹਾਂ ਨੇ ਵੀ ਪ੍ਰਦਰਸ਼ਨਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਕਰ ਲਓ ਜੋ ਕੁੱਝ ਕਰਨਾ ਹੈ, ਤੂੰ ਮੈਨੂੰ ਡਰਾਏਂਗਾ। ਕਾਂਗਰਸੀ ਆਗੂਆਂ ‘ਤੇ ਸੱਤਾ ਦਾ ਨਸ਼ਾ ਪਹਿਲੀ ਵਾਰੀ ਨਹੀਂ ਚੜ੍ਹਿਆ ਹੈ। ਇਸਤੋਂ ਪਹਿਲਾਂ ਕਾਂਗਰਸੀ ਵਿਧਾਇਕ ਦਾ ਥੱਪੜ ਕਾਂਡ ਵੀ ਸਾਹਮਣੇ ਆਇਆ ਸੀ ਅਤੇ ਬੀਤੇ ਦਿਨੀ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅੱਗੇ ਹੀ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਨੂੰ ਆਰਐਸਐਸ ਦਾ ਏਜੰਟ ਦੱਸਿਆ ਸੀ। ਉਧਰ, ਆਪਣਾ ਪੱਖ ਰੱਖਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਸਹੀ ਢੰਗ ਨਾਲ ਪ੍ਰਦਰਸ਼ਨ ਕਰਨ, ਅਜਿਹਾ ਢੰਗ ਠੀਕ ਨਹੀਂ ਹੈ। ਇਸ ਤਰ੍ਹਾਂ ਨਾਲ ਹਾਦਸਾ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੁਲਾਜ਼ਮਾਂ ਨੂੰ ਉਪ ਮੁੱਖ ਮੰਤਰੀ ਨਾਲ ਮਿਲਵਾਉਣ ਬਾਰੇ ਵੀ ਕਿਹਾ ਸੀ।

 

Randhawa and Transport Minister Raja Waring, angry at the protesters, even said, “Do whatever you have to do.”