ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਰੋਹ ਪ੍ਰਗਟਾਵੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਹੇਠ ਰੋਸ ਮਾਰਚ ਕੀਤਾ
Protest march under the banner of Shiromani Akali Dal against Chief Minister Charanjit Singh Channi

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਰੋਹ ਪ੍ਰਗਟਾਵੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਹੇਠ ਰੋਸ ਮਾਰਚ ਕੀਤਾ

ਅੰਮ੍ਰਿਤਸਰ

ਸਰਹੱਦੀ ਪੱਟੀ ਦੇ ਹਜ਼ਾਰਾਂ ਲੋਕਾਂ ਨੇ ਅੱਜ ਸੰਘੀ ਢਾਂਚੇ ਨੁੰ ਬਰਕਰਾਰ ਰੱਖਣ ਅਤੇ ਕਾਂਗਰਸ ਸਰਕਾਰ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਰੋਹ ਪ੍ਰਗਟਾਵੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਹੇਠ ਰੋਸ ਮਾਰਚ ਕੀਤਾ ਜਿਸ ਦੌਰਾਨ ਲੋਕਾਂ ਨੇ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਅੱਗੇ ਆਤਮ ਸਮਰਪਣ ਕਰਨ ਅਤੇ ਪੰਜਾਬ ਵਿਚ ਕੇਂਦਰੀ ਅਧਿਕਾਰ ਖੇਤਰ ਵਿਚ ਵਾਧਾ ਕਰਨ ਲਈ ਸਹਿਮਤੀ ਦੇਣ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਇਹ ਇਤਿਹਾਸਕ ਰੋਸ ਮਾਰਚ, ਜੋ ਸੂਬੇ ਦੇ ਇਤਿਹਾਸ ਵਿਚ ਸਭ ਤੋਂ ਵੱਡੇ ਰੋਡ ਸ਼ੋਅ ਵਿਚ ਬਦਲ ਗਿਆ, ਵਿਚ 20 ਹਜ਼ਾਰ ਮੋਟਰ ਸਾਈਕਲ ਸਵਾਰ ਸ਼ਾਮਲ ਹੋਏ ਜਿਹਨਾਂ ਨੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਅਟਾਰੀ ਬਾਰਡਰ ਤੋਂ ਲੈ ਕੇ ਅੰਮ੍ਰਿਤਸਰ ਵਿਚ ਗੋਲਡਨ ਗੇਟ ਤੱਕ ਪੂਰੇ ਜਾਹੋ ਜਲਾਲ ਨਾਲ ਰੋਸ ਮਾਰਚ ਦਾ ਹਿੱਸਾ ਬਣ ਕੇ ਕੇਂਦਰ ਸਰਕਾਰ ਦੇ ਕਦਮ ਵਿਰੁੱਧ ਰੋਹ ਪ੍ਰਗਟਾਇਆ। ਇਸ ਮਾਰਚ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ ਜਿਹਨਾਂ ਨੁੰ 40 ਕਿਲੋਮੀਟਰ ਲੰਬੇ ਰੂਟ ਜਿਸਨੁੰ ਮੁਕੰਮਲ ਕਰਨ ਵਿਚ 4 ਘੰਟੇ ਤੋਂ ਵੱਧ ਦਾ ਸਮਾਂ ਲੱਗ ਗਿਆ, ਦੌਰਾਨ ਉਹਨਾਂ ਨੂੰ ਅਣਗਿਣਤ ਵਾਰ ਸਿਰੋਪਾਓ ਬਖਸ਼ਿਸ਼ ਕਰ ਕੇ ਸੰਗਤ ਨੇ ਸਨਮਾਨਤ ਕੀਤਾ। ਗੋਲਡਨ ਗੇਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਲੋਕਾਂ ਵਿਚ ਜੋਸ਼ ਭਰ ਗਿਆ ਹੈ ਜਿਸਨੁੰ ਤੁਸੀਂ ਵੇਖ ਸਕਦੇ ਹੋ। ਉਹਨਾਂ ਕਿਹਾ ਕਿ ਲੋਕਾਂ ਨੇ ਮਨੁੱਖਤਾ ਦਾ ਸਮੁੰਦਰ ਬਣਾ ਕੇ ਸਪਸ਼ਟ ਸੰਕੇਤ ਦਿੰਤਾ ਹੈ ਕਿ ਉਹ ਬਾਰਡਰ ਸਕਿਓਰਿਟੀ ਫੋਰਸ (ਬੀ ਐਸ ਐਫ) ਦਾ ਅਧਿਕਾਰ ਖੇਤਰ ਕੌਮਾਂਤਰੀ ਸਰਹੱਦ ਤੋਂ ਮੌਜੂਦਾ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਨ ਅਤੇ ਸੰਘੀ ਢਾਂਚੇ ਨੂੰ ਖੋਰਾ ਲਾਉਣ ਦੇ ਕਿਸੇ ਵੀ ਯਤਨ ਨੂੰ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਸੂਬੇ ਨੁੰ ਕੇਂਦਰ ਦੇ ਅਧੀਨ ਲਿਆਉਣ ਦੇ ਕਿਸੇ ਵੀ ਯਤਨ ਨੁੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੁੰ ਆਖਿਆ ਕਿ ਉਹ ਤਸਵੀਰਾਂ ਖਿੱਚਵਾਉਣ ਨਾਲੋਂ ਸਿੱਧੇ ਹੋ ਕੇ ਕੰਮ ਕਰਨ। ਉਹਨਾਂ ਕਿਹਾ ਕਿ ਪੰਜਾਬ ਮੰਤਰੀ ਮੰਡਲ ਨੂੰ ਇਕ ਕਾਰਜਕਾਰੀ ਹੁਕਮ ਪਾਸ ਕਰਨਾ ਚਾਹੀਦਾ ਸੀ ਕਿ ਸੂਬਾ ਪ੍ਰਸ਼ਾਸਨ ਕੌਮਾਂਤਰੀ ਸਰਹੱਦ ਤੋਂ 15 ਕਿਲੋਮੀਟਰ ਤੋਂ ਬਾਅਦ ਦੇ ਖੇਤਰ ਵਿਚ ਕਿਸੇ ਵੀ ਤਰੀਕੇ ਬੀ ਐਸ ਐਫ ਦਾ ਪੁਲਿਸ ਦੇ ਕੰਮਕਾਜ ਵਿਚ ਦਖਲ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਇਹ ਸਖ਼ਤ ਫੈਸਲੇ ਲੈਣ ਦਾ ਸਮਾਂ ਹੈ। ਉਹਨਾਂ ਕਿਹਾ ਕਿ ਸੂਬਾ ਵਿਧਾਨ ਸਭਾ ਵਿਚ ਮਤੇ ਪਾਸ ਕਰਨ ਨਾਲ ਇਹ ਸੰਕਟ ਹੱਲ ਹੋਣ ਵਾਲਾ ਨਹੀਂ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਭਾਜਪਾ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨਾਂ ਦੇ ਅਤੇ ਕੇਂਦਰ ਦਾ ਅਧਿਕਾਰ ਖੇਤਰ ਵਧਾਉਣ ਦੇ ਮਾਮਲੇ ’ਤੇ ਤਾਨਾਸ਼ਾਹੀ ਰਵੱਈਆ ਅਪਣਾਉਣ ਦੀ ਵੀ ਨਿਖੇਧੀ ਕੀਤੀ। ਉਹਨਾਂ ਨੇ ਪ੍ਰਸਿੱਧ ਐਨ ਆਰ ਆਈ ਦਰਸ਼ਨ ਸਿੰਘ ਧਾਲੀਵਾਲ, ਜਿਹਨਾਂ ਨੁੰ ਭਾਰਤ ਵਿਚ ਸਿਰਫ ਇਸ ਕਰ ਕੇ ਦਾਖਲਾ ਨਹੀਂ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਦਿੱਲੀ ਦੇ ਬਾਰਡਰਾਂ ’ਤੇ ਕਿਸਾਨ ਸੰਘਰਸ਼ ਦੌਰਾਨ ਲੰਗਰ ਲਗਾਇਆ ਸੀ, ਦਾ ਵੀਜ਼ਾ ਰੱਦ ਕਰਨ ਦੀ ਵੀ ਨਿਖੇਧੀ ਕੀਤੀ। ਸਰਦਾਰ ਬਾਦਲ ਨੇ ਸਰਹੱਦੀ ਇਲਾਕੇ ਦੇ ਲਕੋਾਂ ਵੱਲੋਂ ਕੇਂਦਰ ਦੇ ਫੈਸਲੇ ਖਿਲਾਫ ਵਿਖਾਈ ਦ੍ਰਿੜ੍ਹ ਸੰਕਲਪ ਦਾ ਵੀ ਸ਼ਲਾਘਾ ਕੀਤੀ ਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਦਾ ਵੀ ਇਸ ਗੱਲੋਂ ਧੰਨਵਾਦ ਕੀਤਾ ਕਿ ਉਹਨਾਂ ਨੇ ਸਾਰੇ ਮਾਮਲੇ ਦਾ ਨੋਟਿਸ ਲਿਆ। ਸਰਦਾਰ ਮਜੀਠੀਆ ਨੇ ਕਿਹਾ ਕਿ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਬੀ ਐਸ ਐਫ ਨੂੰ ਸਿਰਫ ਸਰਹੱਦਾਂ ਦੀ ਰਾਖੀ ਦੀ ਜ਼ਿੰਮੇਵਾਰੀ ਤੱਕ ਸੀਮਤ ਰਹਿਣਾ ਚਾਹੀਦਾ ਹੈ ਅਤੇ ਇਸ ਸਰਹੱਦੀ ਬਲ ਨੁੰ ਅੰਦਰੂਨੀ ਸੁਰੱਖਿਆ ਵਿਚ ਦਖਲ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਉਹਨਾ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਾਂਗਰਸ ਸਰਕਾਰ ਨੇ ਕੇਂਦਰ ਸਰਕਾਰ ਨਾਲ ਰਲ ਕੇ ਅਜਿਹਾ ਕੀਤਾ ਹੋਵੇ ਤੇ ਪਹਿਲਾਂ ਵੀ ਸਰਕਾਰ ਸੂਬੇ ਦੀਆਂ ਜੇਲ੍ਹਾਂ ਦੀ ਜ਼ਿੰਮੇਵਾਰੀ ਸੀ ਆਰ ਪੀ ਐਫ ਹਵਾਲੇ ਕਰਨ ਦੀ ਗੱਲ ਕਰਦੀ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਆਗੂ ਗੁਲਜ਼ਾਰ ਸਿੰਘ ਰਣੀਕੇ, ਅਨਿਲ ਜੋਸ਼ੀ, ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਵੀਰ ਸਿੰਘ ਲੋਪੋਕੇ, ਅਰਵਿੰਦਰਪਾਲ ਸਿੰਘ ਪੱਖੋਕੇ, ਅਮਰਪਾਲ ਸਿੰਘ ਬੋਨੀ ਅਜਨਾਲਾ, ਮਨਪ੍ਰੀਤ ਸਿੰਘ ਮੰਨਾ, ਬਲਜੀਤ ਸਿੰਘ ਜਲਾਲਉਸਮਾ, ਮਲਕੀਤ ਸਿੰਘ ਏ ਆਰ, ਡਾ. ਦਲਬੀਰ ਸਿੰਘ ਵੇਰਕਾ, ਗੁਰਪ੍ਰੀਤ ਰੰਧਾਵਾ,ਇਕਬਾਲ ਸੰਧੂ, ਤਲਬੀਰ ਗਿੱਲ ਤੇ ਰੋਬਿਨ ਬਰਾੜ ਵੀ ਮੌਜੂਦ ਸਨ।

 

Protest march under the banner of Shiromani Akali Dal against Chief Minister Charanjit Singh Channi