CM ਚੰਨੀ ਨੇ AG ਦਿਓਲ ਦੇ ਅਸਤੀਫਾ ਨੂੰ ਨਾਮਨਜ਼ੂਰ ਕੀਤਾ, ਸਿੱਧੂ ਦੇ ਬਿਆਨ ਤੋਂ ਬਾਅਦ CM ਦਾ ਰੁਖ਼ ਸਖ਼ਤ
CM Channy rejects AG Deol's resignation, CM's stance tough after Sidhu's statement

CM ਚੰਨੀ ਨੇ AG ਦਿਓਲ ਦੇ ਅਸਤੀਫਾ ਨੂੰ ਨਾਮਨਜ਼ੂਰ ਕੀਤਾ, ਸਿੱਧੂ ਦੇ ਬਿਆਨ ਤੋਂ ਬਾਅਦ CM ਦਾ ਰੁਖ਼ ਸਖ਼ਤ

ਚੰਡੀਗੜ੍ਹ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਅਮਰਪ੍ਰੀਤ ਸਿੰਘ (ਏਪੀਐਸ) ਦਿਓਲ ਨੇ ਅਸਤੀਫਾ ਨੂੰ ਨਾਮਨਜ਼ੂਰ ਕਰ ਦਿੱਤਾ ਹੈ। ਦਿਓਲ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦਬਾਅ ਕਾਰਨ ਇਹ ਫੈਸਲਾ ਲਿਆ ਸੀ। ਪਰ ਸਿੱਧੂ ਵੱਲੋਂ ਸਰਕਾਰ ਦੀ ਸਸਤੀ ਬਿਜਲੀ ਦੇ ਫੈਸਲੇ ਦੀ ਅਲੋਚਨਾ ਕਰਨ ਤੋਂ ਬਾਅਦ ਸੀਐੱਮ ਚੰਨੀ ਨੇ ਅਸਤੀਫੇ ਨੂੰ ਨਕਾਰ ਦਿੱਤਾ ਹੈ। ਦੂਜੇ ਪਾਸੇ ਦੇਰ ਸ਼ਾਮ ਨੂੰ ਦਿਓਲ ਨੇ ਵੀ ਅਸਤੀਫੇ ਦੀ ਗੱਲ ਨੂੰ ਰੱਦ ਕਰ ਦਿੱਤਾ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਨਿਸ਼ਾਨਾ ਸਾਧੇ ਜਾਣ ਤੋਂ ਬਾਅਦ ਏਪੀਐਸ ਦਿਓਲ ਨੇ ਮੁੱਖ ਮੰਤਰੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ। ਦਰਅਸਲ, ਏਪੀਐਸ ਦਿਓਲ ਦੀ ਬੇਅਦਬੀ ਅਤੇ ਪੁਲਿਸ ਗੋਲੀਬਾਰੀ ਮਾਮਲੇ ਦੇ ਦੋ ਦੋਸ਼ੀ ਪੁਲਿਸ ਕਰਮਚਾਰੀਆਂ ਦੀ ਨੁਮਾਇੰਦਗੀ ਕਰ ਰਹੇ ਸਨ। ਅਜਿਹੇ ‘ਚ ਸਿੱਧੂ ਦੀ ਮੰਗ ਸੀ ਕਿ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾਇਆ ਜਾਵੇ। ਸਿੱਧੂ ਵੱਲੋਂ ਪੰਜਾਬ ਦੇ ਡੀਜੀਪੀ ਅਤੇ ਐਡਵੋਕੇਟ ਜਨਰਲ ਨੂੰ ਬਦਲਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ।

ਸਿੱਧੂ ਨੇ ਨੇਤਾਵਾਂ ‘ਤੇ ਸਾਧਿਆ ਨਿਸ਼ਾਨਾ

ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਸਿੱਧੇ ਤੌਰ ‘ਤੇ ਸੂਬੇ ‘ਚ ਆਪਣੀ ਹੀ ਪਾਰਟੀ ਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਲਾਲੀਪਾਪ ਦੇ ਕੇ ਲੁਭਾਉਂਦੇ ਨੇਤਾਵਾਂ ‘ਤੇ ਨਿਸ਼ਾਨਾ ਸਾਧਿਆ। ਸਿੱਧੂ ਨੇ ਲੋਕਾਂ ਨੂੰ ਕਿਹਾ ਕਿ ਉਹ ਪੰਜਾਬ ਦੀ ਭਲਾਈ ਦੇ ਏਜੰਡੇ ‘ਤੇ ਹੀ ਵੋਟ ਪਾਉਣ। ਸਿੱਧੂ ਦਾ ਇਹ ਬਿਆਨ ਉਸ ਦਿਨ ਆਇਆ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਘਰੇਲੂ ਸੈਕਟਰ ਲਈ ਬਿਜਲੀ ਦਰਾਂ ਵਿੱਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕਰਨ ਅਤੇ ਰਾਜ ਸਰਕਾਰ ਦੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿੱਚ ਵੀ ਵਾਧਾ ਕਰਨ ਦਾ ਐਲਾਨ ਕੀਤਾ। ਹਿੰਦੂ ਮਹਾਸਭਾ ਵੱਲੋਂ ਆਯੋਜਿਤ ਜਨ ਸਭਾ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਕੋਈ ਵੀ ਸੂਬੇ ਦੀ ਭਲਾਈ ਦੀ ਗੱਲ ਨਹੀਂ ਕਰ ਰਿਹਾ।

ਸਿੱਧੂ ਨੂੰ ਲੈ ਕੇ ਕਾਂਗਰਸ ਲਵੇ ਆਰ-ਪਾਰ ਦਾ ਫੈਸਲਾ

ਇਸ ਵਿਵਾਦ ਦੇ ਵਿੱਚ ਲੁਧਿਆਣਾ ਤੋਂ ਕਾਂਗਰਸ ਐਮਪੀ ਰਵਨੀਤ ਸਿੰਘ ਬਿੱਟੂ ਨੇ ਵੀ ਸਿੱਧੂ ਖਿਲਾਫ ਮੋਰਚਾ ਖੋਲ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ‘ਕਿਸੇ ਸ਼ਖ਼ਸ ਦੇ ਇੱਕ ਦੋ ਚਾਰ ਬੰਦਿਆਂ ਨਾਲ ਬਣੇ ਤਾਂ ਸਮਝ ਆਉਂਦੀ ਹੈ ਪਰ ਜੇ ਕਿਸੇ ਨਾਲ ਵੀ ਨਾ ਬਣੇ ਤਾਂ ਇਸ ਉੱਤੇ ਖੁੱਲ ਕੇ ਕੀ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਐਮਐਲਏ ਕੰਮ ਕਰ ਰਹੀ ਹੈ। ਪਰ ਵਰਕਰ ਇੰਤਜਾਰ ਕਰ ਰਹੇ ਹਨ। ਵਰਕਰਾਂ ਲ਼ਈ ਠੋਸ ਨਿਰਦੇਸ਼ਾਂ ਦੀ ਲੋੜ ਹੈ। ਪ੍ਰਚਾਰ ਲਈ ਕਮੇਟੀਆਂ ਬਣਦੀਆਂ ਸਨ ਪਰ ਉਹ ਵੀ ਨਹੀਂ ਬਣ ਰਹੀਆਂ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਸਿੱਧੂ ਨੂੰ ਲੈ ਕੇ ਕਾਂਗਰਸ ਪਾਰਟੀ ਨੂੰ ਆਰ ਪਾਰ ਦਾ ਫੈਸਲਾ ਲੈਣ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਏਪੀਐਸ ਦਿਓਲ ਨੂੰ ਸਤੰਬਰ ਵਿੱਚ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਤੋਂ ਪਹਿਲਾਂ ਅਤੁਲ ਨੰਦਾ ਨੂੰ ਇਸ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ।ਐਡਵੋਕੇਟ ਜਨਰਲ ਨੂੰ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਨਿਯੁਕਤ ਕੀਤਾ ਸੀ। ਜੋ ਕਿ ਨਿਯੁਕਤੀ ਉਸ ਸਮੇਂ ਤੋਂ ਹੀ ਵਿਵਾਦਾਂ ਵਿੱਚ ਘਿਰ ਗਈ ਸੀ। ਕਿਉਂਕਿ ਦਿਓਲ ਨੇ ਹੀ ਬੇਅਦਬੀ ਮਾਮਲੇ ਵਿਰੁੱਧ ਅਦਾਲਤ ਵਿੱਚ ਪੈਰਵੀ ਕੀਤੀ ਸੀ। ਇਸ ਦੇ ਨਾਲ ਹੀ ਉਹ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੇ ਵਕੀਲ ਵੀ ਰਹਿ ਚੁੱਕੇ ਸਨ। ਏਪੀਐਸ ਦਿਓਲ ਦੀ ਨਿਯੁਕਤੀ ਕਾਰਨ ਹੀ ਪੰਜਾਬ ਕਾਂਗਰਸ ਵਿੱਚ ਸੰਕਟ ਉਭਰ ਕੇ ਸਾਹਮਣੇ ਆਇਆ ਸੀ, ਜਦੋਂ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕਈ ਸਿੱਖ ਜਥੇਬੰਦੀਆਂ ਨੇ ਵੀ ਉਨ੍ਹਾਂ ਦੀ ਨਿਯੁਕਤੀ ਦਾ ਵਿਰੋਧ ਕਰਦਿਆਂ ਇਹ ਦਲੀਲ ਦਿੱਤੀ ਸੀ ਕਿ ਬੇਅਦਬੀ ਦੇ ਮਾਮਲਿਆਂ ਵਿੱਚ ਮੁਲਜ਼ਮਾਂ ਦਾ ਬਚਾਅ ਕਰਨ ਵਾਲੇ ਵਿਅਕਤੀ ਨੂੰ ਏਜੀ ਕਿਵੇਂ ਨਿਯੁਕਤ ਕੀਤਾ ਜਾ ਸਕਦਾ ਹੈ।

 

CM Channy rejects AG Deol’s resignation, CM’s stance tough after Sidhu’s statement