ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ ‘ਤੇ ਤਿੱਖੇ ਹਮਲੇ ਬੋਲਦੇ ਹੋਏ ਉਨ੍ਹਾਂ ਨੂੰ ‘ਨਕਲੀ ਕੇਜਰੀਵਾਲ’ ਕਰਾਰ ਦਿੱਤਾ
Chief Minister Arvind Kejriwal has slammed Chief Minister Channy, calling him a 'fake Kejriwal'.

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ ‘ਤੇ ਤਿੱਖੇ ਹਮਲੇ ਬੋਲਦੇ ਹੋਏ ਉਨ੍ਹਾਂ ਨੂੰ ‘ਨਕਲੀ ਕੇਜਰੀਵਾਲ’ ਕਰਾਰ ਦਿੱਤਾ

ਚੰਡੀਗੜ੍ਹ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਪੰਜਾਬ ਫੇਰੀ ਦੌਰਾਨ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਤਿੱਖੇ ਹਮਲੇ ਬੋਲਦੇ ਹੋਏ ਉਨ੍ਹਾਂ (ਚੰਨੀ) ਨੂੰ ‘ਨਕਲੀ ਕੇਜਰੀਵਾਲ’ ਕਰਾਰ ਦਿੱਤਾ। ਮੋਗਾ ‘ਚ ਮਹਿਲਾਵਾਂ ਨੂੰ ਸਮਰਪਿਤ ਤੀਸਰੀ ਗਰੰਟੀ ਪ੍ਰੋਗਰਾਮ ‘ਚ ਬੋਲਦੇ ਹੋਏ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਆਮ ਆਦਮੀ ਹੋਣ ਦਾ ਫੋਕਾ ਦਿਖਾਵਾ ਕਰ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਬਚ ਕੇ ਰਹਿਣ। ਕੇਜਰੀਵਾਲ ਨੇ ਵਿਅੰਗਮਈ ਅੰਦਾਜ਼ ‘ਚ ਕਿਹਾ ਇੱਕ ਬਹੁਤ ਜ਼ਰੂਰੀ ਗੱਲ ਇਹ ਕਿ ਅੱਜ ਕੱਲ੍ਹ ਪੰਜਾਬ ਅੰਦਰ ਇੱਕ ‘ਨਕਲੀ ਕੇਜਰੀਵਾਲ’ ਘੁੰਮ ਰਿਹਾ ਹੈ। ਪੰਜਾਬ ਦੇ ਲੋਕਾਂ ਨਾਲ ਜੋ ਵਾਅਦਾ ਮੈਂ (ਅਸਲੀ ਕੇਜਰੀਵਾਲ) ਕਰਦਾ ਹਾਂ, ਦੋ ਦਿਨ ਬਾਅਦ ਉਹ ਨਕਲੀ ਕੇਜਰੀਵਾਲ ਵੀ ਉਹੀ ਗੱਲ ਦੁਹਰਾ ਦਿੰਦਾ ਹੈ। ਕਿਉਂਕਿ ਅਸਲੀ ਅਸਲੀ ਹੁੰਦਾ ਹੈ ਅਤੇ ਨਕਲੀ ਹਮੇਸ਼ਾ ਨਕਲੀ ਰਹਿੰਦਾ ਹੈ। ਇਸ ਲਈ ਇਹ ਨਕਲੀ ਕੇਜਰੀਵਾਲ ਸਿਰਫ਼ ਐਲਾਨ ਕਰਦਾ ਹੈ, ਪਰ ਅਸਲੀਅਤ ‘ਚ ਕਰਦਾ ਕੁੱਝ ਵੀ ਨਹੀਂ। ਇਸ ਲਈ ਇਸ ਨਕਲੀ ਕੇਜਰੀਵਾਲ (ਚਰਨਜੀਤ ਸਿੰਘ ਚੰਨੀ) ਕੋਲੋਂ ਪੰਜਾਬ ਦੇ ਲੋਕ ਬਚ ਕੇ ਰਹਿਣ। ਕੰਮ ਸਿਰਫ਼ ਅਸਲੀ ਕੇਜਰੀਵਾਲ ਹੀ ਕਰੇਗਾ। ਮੁੱਖ ਮੰਤਰੀ ਚੰਨੀ ਵੱਲੋਂ ਕੀਤੀਆਂ ਜਾ ਰਹੀਆਂ ਨਕਲਾਂ ਦਾ ਹਵਾਲਾ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਮੈਂ ਪੰਜਾਬ ਆਇਆ ਅਤੇ ਮੁਫ਼ਤ ਬਿਜਲੀ ਦੀ ਗਰੰਟੀ ਦਿੱਤੀ। 2 ਦਿਨ ਬਾਅਦ ‘ਨਕਲੀ ਕੇਜਰੀਵਾਲ’ ਨੇ ਗੱਪ ਮਾਰ ਦਿੱਤੀ ਕਿ ਪੰਜਾਬ ‘ਚ ਉਸ ਨੇ (ਚੰਨੀ ਸਰਕਾਰ) ਨੇ 400 ਯੂਨਿਟ ਬਿਜਲੀ ਮੁਫ਼ਤ ਕਰ ਦਿੱਤੀ, ਪਰੰਤੂ ਹਕੀਕਤ ਇਹ ਹੈ ਕਿ ਪੰਜਾਬ ਦਾ ਇੱਕ ਵੀ ਬੰਦਾ ਦੱਸੇ ਕਿ ਉਸ ਦਾ ਬਿਜਲੀ ਦਾ ਬਿਲ ਜ਼ੀਰੋ ਆਇਆ ਹੈ। ਅੱਜ ਵੀ ਆਮ ਘਰਾਂ ਦੇ ਬਿਲ 4 ਤੋਂ 5 ਹਜ਼ਾਰ ਰੁਪਏ ਆ ਰਹੇ ਹਨ, ਪਰੰਤੂ ‘ਨਕਲੀ ਕੇਜਰੀਵਾਲ’ ਝੂਠ ਬੋਲ ਕੇ ਲੋਕਾਂ ਦਾ ਮਜ਼ਾਕ ਉਡਾ ਰਿਹਾ ਹੈ।” ਕੇਜਰੀਵਾਲ ਨੇ ਦਾਅਵਾ ਕੀਤਾ ਕਿ ਬਿਜਲੀ ਬਿਲ ਜ਼ੀਰੋ ਕਰਨੇ ਸਿਰਫ਼ ਅਸਲੀ ਕੇਜਰੀਵਾਲ (ਅਰਵਿੰਦ ਕੇਜਰੀਵਾਲ) ਨੂੰ ਹੀ ਆਉਂਦੇ ਹਨ। ਮੁਹੱਲਾ ਕਲੀਨਿਕਾਂ ਦਾ ਹਵਾਲਾ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ, ”ਸਿਹਤ ਬਾਰੇ ਦੂਸਰੀ ਗਰੰਟੀ ‘ਚ ਮੈਂ ਪੰਜਾਬ ‘ਚ 16 ਹਜ਼ਾਰ ਮੁਹੱਲਾ ਕਲੀਨਿਕ ਬਣਾਉਣ ਦਾ ਵਾਅਦਾ ਦਿੱਤਾ ਸੀ। ‘ਨਕਲੀ ਕੇਜਰੀਵਾਲ’ ਨੇ ਕਿਹਾ ਕਿ ਉਹ (ਚੰਨੀ) ਵੀ ਮੁਹੱਲਾ ਕਲੀਨਿਕਾਂ ਬਣਾਉਣਗੇ। 2 ਮਹੀਨੇ ਹੋ ਗਏ ਇੱਕ ਵੀ ਮੁਹੱਲਾ ਕਲੀਨਿਕ ਨਹੀਂ ਬਣਾਇਆ। ਜਦਕਿ ਇੱਕ ਮੁਹੱਲਾ ਕਲੀਨਿਕ ਬਣਾਉਣ ਨੂੰ ਸਿਰਫ਼ 10 ਦਿਨ ਅਤੇ 20 ਲੱਖ ਰੁਪਏ ਲਗਦੇ ਹਨ। ਦਿਖਾਵੇ ਲਈ ਇੱਕ ਹੀ ਬਣਾ ਦਿੰਦਾ। ਅਸਲ ‘ਚ ਬਣਾ ਇਸ ਲਈ ਨਹੀਂ ਸਕਿਆ ਕਿਉਂਕਿ ਉਹ ‘ਨਕਲੀ ਕੇਜਰੀਵਾਲ’ ਹੈ। ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ ਦੀ ਇੱਕ ਹੋਰ ਨਕਲ ਬਾਰੇ ਦੱਸਿਆ ਕਿ ਅੱਜ ਸ਼ਾਮ ਨੂੰ ਉਨ੍ਹਾਂ ਦਾ (ਕੇਜਰੀਵਾਲ) ਦਾ ਲੁਧਿਆਣਾ ਦੇ ਆਟੋ ਰਿਕਸ਼ਾ ਵਾਲਿਆਂ ਨਾਲ ਸੰਵਾਦ ਹੈ। ਇਸ ਬਾਰੇ ‘ਨਕਲੀ ਕੇਜਰੀਵਾਲ’ ਨੂੰ ਪਤਾ ਲੱਗ ਗਿਆ ਕਿਉਂਕਿ ਬੈਠਕ 10 ਦਿਨ ਪਹਿਲਾਂ ਤੈਅ ਹੋ ਗਈ ਸੀ। ‘ਨਕਲੀ ਕੇਜਰੀਵਾਲ’ ਅੱਜ (ਸੋਮਵਾਰ) ਸਵੇਰੇ ਹੀ ਆਟੋ ਰਿਕਸ਼ਾ ਵਾਲਿਆਂ ਦੇ ਦਫ਼ਤਰ ਪਹੁੰਚ ਗਿਆ।ਫਿਰ ਵੀ ਮੈਂ ਸਮਝਦਾ ਹਾਂ ਕਿ ਡਰ ਅੱਛਾ ਹੈ। ਅਸਲੀ ਕੇਜਰੀਵਾਲ ਦੇ ਡਰ ਨਾਲ ਹੀ ਸਹੀ ਕੋਈ ਕੰਮ ਤਾਂ ਕਰੇ, ਪਰ ਕਿਉਂਕਿ ਨਕਲੀ ਹੈ ਇਸ ਲਈ ਕਰ ਨਹੀਂ ਸਕਦਾ।”ਕੇਜਰੀਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿੱਲੀ ਸਰਕਾਰ ਦੀ ਨਕਲ ਕਰਦਿਆਂ ਮਹਿਲਾਵਾਂ ਲਈ ਮੁਫ਼ਤ ਬੱਸ ਸਫ਼ਰ ਦਾ ਐਲਾਨ ਕੀਤਾ ਸੀ, ਪਰੰਤੂ ਇਹ ਇਸ ਕਰਕੇ ਅਧੂਰਾ ਐਲਾਨ ਹੋ ਨਿੱਬੜਿਆ ਕਿ ਕੈਪਟਨ ਨੇ ਸਿਰਫ਼ ਸਰਕਾਰੀ ਬੱਸਾਂ ‘ਚ ਹੀ ਮਹਿਲਾਵਾਂ ਦਾ ਸਫ਼ਰ ਮੁਫ਼ਤ ਕੀਤਾ ਹੈ।ਕੇਜਰੀਵਾਲ ਨੇ ਕਿਹਾ ਕਿ ਮਹਿਲਾਵਾਂ ਨੂੰ 1000 ਰੁਪਏ ਮਹਿਨਾ, ਮੁਫ਼ਤ ਬਿਜਲੀ ਅਤੇ ਸਿਹਤ ਸੇਵਾਵਾਂ ਵਰਗੇ ‘ਆਪ’ ਦੇ ਐਲਾਨਾਂ ਲਈ ਪੈਸਾ ਕਿਥੋਂ ਆਵੇਗਾ? ਇਹ ਸਵਾਲ ਸਾਰੇ ਵਿਰੋਧੀ ਕਰਨਗੇ। ਅਰਵਿੰਦ ਕੇਜਰੀਵਾਲ ਮੁਤਾਬਿਕ ਅੱਜ ਚੰਨੀ ਦੇ ਇੱਕ ਪਾਸੇ ਰੇਤ ਮਾਫ਼ੀਆ ਅਤੇ ਦੂਜੇ ਪਾਸੇ ਟਰਾਂਸਪੋਰਟ ਮਾਫ਼ੀਆ ਬੈਠਦਾ ਹੈ। ਫਿਰ ਖ਼ਜ਼ਾਨਾ ਕਿਵੇਂ ਭਰ ਸਕਦਾ ਹੈ। ‘ਆਪ’ ਦੀ ਸਰਕਾਰ ਬਣਨ ‘ਤੇ ਸਾਰੇ ਮਾਫ਼ੀਆ, ਭ੍ਰਿਸ਼ਟਾਚਾਰ ਅਤੇ ਚੋਰ ਮੋਰੀਆਂ ਪੂਰੀ ਤਰਾਂ ਬੰਦ ਕਰ ਦਿੱਤੀਆਂ ਜਾਣਗੀਆਂ। ਫਿਰ ਪੰਜਾਬ ਨੂੰ ਪੈਸੇ ਦੀ ਕੋਈ ਕਮੀ ਨਹੀਂ ਰਹੇਗੀ।ਕੇਜਰੀਵਾਲ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਹੁਣ ਤੱਕ ਸਾਰੀਆਂ ਰਿਵਾਇਤੀ ਪਾਰਟੀਆਂ ਨੂੰ ਵਾਰ-ਵਾਰ ਮੌਕੇ ਦੇ ਕੇ ਨਤੀਜੇ ਭੁਗਤ ਚੁੱਕੇ ਹਨ, ਇਸ ਲਈ ਹੁਣ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਵੀ ਜ਼ਰੂਰ ਦੇ ਕੇ ਦੇਖਣ।

 

Chief Minister Arvind Kejriwal has slammed Chief Minister Channy, calling him a ‘fake Kejriwal’.