ਆਰ.ਸੀ. ਦੀ ਕੁਰਸੀ ਲਈ ਕਈਆਂ ਦੇ ਮੱਥੇ ਅਤੇ ਬਹੁਤਿਆਂ ਦੇ ਮੂੰਹ ‘ਚ ਪਾਣੀ… ਇਕੋ ਨਾਂ ਦੇ ਦੋ ਸ਼ਿਕਾਰੀ, ‘ਸਿੱਖ ਸੂਰਮਾ’ ਗੁਰੂ ਚਰਨਾਂ ਦੀ ਬਜਾਏ ਪੁੱਜਾ ਮੰਤਰੀਆਂ, ਸੰਤਰੀਆਂ ਦੇ ਚਰਨਾਂ ‘ਚ

ਆਰ.ਸੀ. ਦੀ ਕੁਰਸੀ ਲਈ ਕਈਆਂ ਦੇ ਮੱਥੇ ਅਤੇ ਬਹੁਤਿਆਂ ਦੇ ਮੂੰਹ ‘ਚ ਪਾਣੀ… ਇਕੋ ਨਾਂ ਦੇ ਦੋ ਸ਼ਿਕਾਰੀ, ‘ਸਿੱਖ ਸੂਰਮਾ’ ਗੁਰੂ ਚਰਨਾਂ ਦੀ ਬਜਾਏ ਪੁੱਜਾ ਮੰਤਰੀਆਂ, ਸੰਤਰੀਆਂ ਦੇ ਚਰਨਾਂ ‘ਚ

ਜਲੰਧਰ-ਲਖਬੀਰ

ਲਓ ਜੀ, ਬਦਲੀਆਂ ਦਾ ਦੌਰ ਸ਼ੁਰੂ ਹੋ ਚੁਕਾ ਹੈ ਅਤੇ ਕਈ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਮਲਾਈਦਾਰ ਸੀਟਾਂ ਲਈ ਜੋੜ-ਤੋੜ ਵੀ ਪੂਰੀ ਤਰ੍ਹਾਂ ਆਰੰਭ ਦਿੱਤੇ ਹਨ। ਜੇਕਰ ਅਸੀਂ ਪ੍ਰਸ਼ਾਸ਼ਕੀ ਕੰਪਲੈਕਸ (ਤਹਿਸੀਲ ਕੰਪਲੈਕਸ) ਦੀ ਗੱਲ ਕਰੀਏ ਤਾਂ ਇਸ ਸਮੇਂ ਬਦਲੀਆਂ ਕਾਰਨ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਚਾਹੇ ਸੀਨੀਅਰ ਅਧਿਕਾਰੀਆਂ ਦੀਆਂ ਬਦਲੀਆਂ ਦੀਆਂ ਕਈ ਲਿਸਟਾਂ ਜਾਰੀ ਹੋ ਚੁਕੀਆਂ ਹਨ ਅਤੇ ਜਲਦ ਹੀ ਹੋਰ ਲਿਸਟਾਂ ਵੀ ਜਾਰੀ ਹੋਣ ਦੀ ਸੰਭਾਵਨਾ ਹੈ, ਜਿਸ ਨੇ ਕਈਆਂ ਦੇ ਦਿਲਾਂ ਦੀਆਂ ਧੜਕਣਾਂ ਨੂੰ ਤੇਜ਼ ਕੀਤਾ ਹੋਇਆ ਹੈ।

ਆਰ.ਸੀ. ਦੀ ਕੁਰਸੀ ਲਈ ਮੱਥੇ ਅਤੇ ਮੂੰਹ ‘ਚ ਪਾਣੀ…

ਤਹਿਸੀਲ ‘ਚ ਸਬ ਰਜਿਸਟਰਾਰ ਦੇ ਦਫਤਰ ਅੰਦਰ ਵੀ ਇਸ ਸਮੇਂ ਪਾਣੀ-ਪਾਣੀ ਹੋਇਆ ਪਿਆ ਹੈ, ਚਾਹੇ ਇਹ ਪਾਣੀ ਫਰਸ਼ ਜਾਂ ਦਫਤਰ ਦੇ ਅੰਦਰ ਦਿਖਾਈ ਨਹੀਂ ਦੇ ਰਿਹਾ ਪਰ ਆਰ. ਸੀ. (ਰਜਿਸਟਰੀ ਕਲਰਕ) ਦੀ ਸੀਟ ਲਈ ਕਈ ਨੌਜਵਾਨਾਂ ਦੇ ਮੂੰਹ ‘ਚ ਪਾਣੀ ਹੀ ਪਾਣੀ ਆ ਚੁੱਕਾ ਹੈ। ਇਕ ‘ਸਿੱਖ ਸੂਰਮਾ’ ਗੁਰੂ ਚਰਨਾਂ ਦੀ ਬਜਾਏ ਮੰਤਰੀਆਂ, ਸੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਦੇ ਗੋਡੇ ਘੁਟਣ ਤੋਂ ਵੀ ਗੁਰੇਜ਼ ਨਹੀਂ ਕਰ ਰਿਹਾ। ਗੁਰੂ ਚਰਨਾਂ ਤੋਂ ਦੂਰ ਹੋਇਆ ਇਹ ਸੂਰਮਾ ਜਲੰਧਰ ‘ਚ ਆਰ. ਸੀ. ਲੱਗਣ ਲਈ ਇੰਨਾ ਉਤਾਵਲਾ ਹੈ ਕਿ ਕੁਝ ਦਿਨ ਪਹਿਲਾਂ ਹੀ ਮੌਜੂਦਾ ਅਧਿਕਾਰੀ ਕੋਲ ਹਾਜ਼ਰੀਆਂ ਭਰਨੀਆਂ ਸ਼ੁਰੂ ਕਰ ਚੁੱਕਾ ਹੈ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਸੂਰਮੇ ਦੇ ਹੱਥ ਮਲਾਈ ਲੱਗਦੀ ਹੈ ਜਾਂ ਇਸ ਦਾ ਫਿਰ ਤੋਂ ‘ਭੋਗ’ ਪੂਰਾ ਹੁੰਦਾ ਹੈ।

ਇਕੋ ਨਾਂ ਦੇ ਦੋ ਸ਼ਿਕਾਰੀ…

ਇਸੇ ਮਲਾਈਦਾਰ ਸੀਟ ਲਈ ਇਕੋ ਨਾਂ ਦੇ ਦੋ ਹੋਰ ਨੌਜਵਾਨ ਮੈਦਾਨ ‘ਚ ਡਟੇ ਹੋਏ ਹਨ। ਜਿਨਾਂ ‘ਚੋਂ ਇਕ ਇਸ ਸਮੇਂ ਮੁਰਾਦਾਂ ਪੂਰੀਆਂ ਕਰਨ ਵਾਲੇ ਪੀਰ ਦੇ ਸ਼ਹਿਰ ‘ਚ ਹਾਜ਼ਰੀ ਭਰ ਰਿਹਾ ਹੈ ਅਤੇ ਮੁਰਾਦਾਂ ਪੂਰੀਆਂ ਹੋਣ ਦੀ ਕਾਮਨਾ ਲੈ ਕੇ ਜਲੰਧਰ ‘ਚ ਵੀ ਲਗਾਤਾਰ ਗੇੜੀਆਂ ਲਗਾ ਰਿਹਾ ਹੈ। ਇਸੇ ਤਰ੍ਹਾਂ ਉਸਦਾ ਦੂਸਰਾ ਸਿਰਨਾਵੀਂ ਜਲੰਧਰ ‘ਚ ਬੈਠ ਕੇ ਪੂਰੀ ਤਰ੍ਹਾਂ ਜ਼ੋਰ-ਅਜ਼ਮਾਇਸ਼ ‘ਚ ਲਗਾ ਹੋਇਆ ਹੈ ਪਰ ਹੁਣ ਦੇਖਣ ਵਾਲੀ ਗਲ ਹੈ ਕਿ ਇਨ੍ਹਾਂ ਦੋਵਾਂ ਸਿਰਨਾਵੀਆਂ ‘ਚੋਂ ਕਿਸ ਦੀ ਮੁਰਾਦ ਪੂਰੀ ਹੁੰਦੀ ਹੈ। ਇਹਨਾਂ ਚੋਂ ਇਕ ਸ਼ਿਕਾਰੀ ਖਿਲਾਫ ਪਹਿਲਾਂ ਹੀ ਅਧਿਕਾਰੀਆਂ ਕੋਲ ਸ਼ਿਕਾਇਤਾਂ ਦਾ ਭਂਡਾਰ ਲਗਾ ਹੋਇਆ ਹੈ ਅਤੇ ਜਦੋਂ ਇਹ ਸੀਟ ਤੇ ਬੈਠਦਾ ਹੈ ਤਾਂ ਆਪਣੇ ਆਪ ਨੂਂ ਅਧਿਕਾਰੀ ਤੋਂ ਵੀ ਉਪਰ ਸਮਝ ਕੇ ਖੂਬ ਗੋਲਕ ਭਰਦਾ ਹੈ ਜਿਸ ਕਾਰਨ ਇਸ ਕੋਲੋਂ ਅਧਿਕਾਰੀ ਵੀ ਪੂਰੀ ਤਰਾਂ ਖਫਾ ਹੋ ਚੁਕੇ ਹਨ।

ਮੇਰਾ …. ਰੰਗ ਦਾ ਯਾਰ!

ਮੈਨੂੰ ਕੁੜੀਆਂ ਕਹਿੰਦੀਆਂ ਮੇਰਾ….ਰੰਗ ਦਾ ਯਾਰ ਨੀਂ, ਮੈਨੂੰ ਕੁੜੀਆਂ ਕਹਿੰਦੀਆਂ…. ਜੀ ਹਾਂ! ਇਹ ‘ਯਾਰ’ ਵੀ ਕਿਸੇ ਤੋਂ ਪਿਛੇ ਨਹੀਂ ਹੈ। ਚਾਹੇ ਆਰ. ਸੀ. ਦੀ ਮਲਾਈਦਾਰ ਸੀਟ ਲਈ ਆਪਣੀ ਦਾਅਵੇਦਾਰੀ ਨੂੰ ਪੱਕਾ ਮੰਨਦਾ ਚਲਿਆ ਆ ਰਿਹਾ ਹੈ। ਕੁਝ ਸਮਾਂ ਪਹਿਲਾਂ ਕਈ ਸਾਲਾਂ ਤੋਂ ਇਸੇ ਸੀਟ ‘ਤੇ ਫੈਵੀਕੋਲ ਦੇ ਜੋੜ ਵਾਂਗ ਚਿਪਕਿਆ ਰਿਹਾ ਸੀ ਤੇ ਇਕ ਵਾਰ ਹੁਣ ਅਜਿਹਾ ਜਾਲ ਬੁਨ੍ਹ ਰਿਹਾ ਹੈ। ਇਹ ਪਕੇ ਰੰਗ ਦਾ ਸ਼ਿਕਾਰੀ ਵੀ ਆਪਣੇ ਆਪ ਨੂੰ ਦੌੜ ਵਿਚ ਸ਼ਾਮਲ ਸਮਝ ਰਿਹਾ ਹੈ ਪਰ ਇਸ ਦੀ ਦਾਲ ਹੁਣ ਗਲਣ ਵਾਲੀ ਦਿਖਾਈ ਨਹੀਂ ਦੇ ਰਹੀ।

ਪੁਰਾਣਿਆਂ ਦੇ ਵੀ ਮੁਰਝਾਏ ਚਿਹਰੇ…

ਇਸੇ ਤਰ੍ਹਾਂ ਪੁਰਾਣੇ ਦਾਅਵੇਦਾਰਾਂ ਦੇ ਚਿਹਾਰੇ ਮੁਰਝਾਏ ਦਿਖਾਈ ਦੇ ਰਹੇ ਹਨ। ਇਸ ਸਮੇਂ ‘ਯੋਗਾ’ ਕਰਨ ਵਾਲਾ, ‘ਅਮਰੀਕਾ’ ਵਾਲਾ ਅਤੇ ਇਨਾਂ ਸਾਰਿਆਂ ‘ਚ ਦੋ ਮੁੱਖ ਦਾਅਵੇਦਾਰ ‘ਰੌੜਾ’ ਬਣੇ ਹੋਏ ਹਨ। ਕੰਮ ਕਰਵਾਉਣ ਵਾਲਿਆਂ ਅਨੁਸਾਰ ਇਨ੍ਹਾਂ ਦੋਵੇਂ ਦਾਅਵੇਦਾਰਾਂ ਦੀ ਬੋਲਬਾਣੀ ਨੇ ਇਨ੍ਹਾਂ ਨੂੰ ਸਭ ਤੋਂ ਉਪਰ ਰਖਿਆ ਹੋਇਆ ਹੈ ਅਤੇ ਇਨ੍ਹਾਂ ਕਾਰਨਾਂ ਕਰਕੇ ਇਨ੍ਹਾਂ ਦੀ ਬਦਲੀ ਦੀ ਸੰਭਾਵਨਾ ਘੱਟ ਪ੍ਰਤੀਤ ਹੋ ਰਹੀ ਹੈ ਪਰ ਹੈਰਾਨੀ ਦੀ ਗਲ ਹੈ ਕਿ ਬਾਕੀਆਂ ਲਈ ‘ਰੌੜਾ’ ਬਣੇ ਇਹ ਦੋਵੇਂ ਆਰ. ਸੀ. ਬਦਲੀ ਦੇ ਭੂਤ ਤੋਂ ਕਿਸੇ ਤਰਾਂ ਵੀ ਪਰੇਸ਼ਾਨ ਦਿਖਾਈ ਨਹੀਂ ਦੇ ਰਹੇ।